ਕਿਸਾਨਾਂ ਲਈ ਅਹਿਮ ਖ਼ਬਰ, ਇਸ ਤਰੀਕੇ ਨਾਲ ਹੋਵੇਗੀ ਕਣਕ ਦੀ ਖਰੀਦਦਾਰੀ... 

ਚੰਡੀਗੜ੍ਹ: ਪੰਜਾਬ ਵਿਚ 13-14 ਅਪ੍ਰੈਲ ਨੂੰ ਸ਼ੁਰੂ ਹੋਣ ਜਾ ਰਹੀ ਕਣਕ ਦੀ ਵਾਢੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਅਹਿਮ ਫੈਸਲੇ ਲਏ ਜਾ ਰਹੇ ਹਨ। ਇਸ ਦੇ ਚਲਦੇ ਪੰਜਾਬ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਾਵਿੰਦਰ ਸਿੰਘ ਚੀਮਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਖ਼ਰੀਦਣ ਲਈ ਕਿਸਾਨਾਂ ਦੇ ਕਰਫਿਊ ਪਾਸ ਬਣਾਉਣ ਤੋਂ ਪਹਿਲਾਂ ਆੜ੍ਹਤੀਆਂ ਅਤੇ ਮਜ਼ਦੂਰਾਂ ਦੇ ਪਾਸ ਬਣਾਉਣੇ ਜ਼ਰੂਰੀ ਹਨ।
ਉਨ੍ਹਾਂ ਕਿਹਾ ਕਿ ਜੇ ਸਰਕਾਰ 15 ਅਪਰੈਲ ਨੂੰ ਖਰੀਦ ਸ਼ੁਰੂ ਕਰਨਾ ਚਾਹੁੰਦੀ ਹੈ ਤਾਂ ਆੜ੍ਹਤੀਆਂ ਨੂੰ ਆਪਣੇ ਪ੍ਰਬੰਧ ਕਰਨ ਵਾਸਤੇ 10 ਤਰੀਕ ਤਕ ਪਾਸ ਜਾਰੀ ਕੀਤੇ ਜਾਣ।
ਪੰਜਾਬ ਦੇ ਖੇਤੀਬਾੜੀ ਸਕੱਤਰ ਕਾਹਨ ਸਿੰਘ ਪਨੂੰ ਨੇ ਦਸਿਆ ਕਿ ਫਸਲ ਮੰਡੀ ਵਿਚ ਲਿਆਉਣ ਤੋਂ ਪਹਿਲਾਂ ਕਿਸਾਨ ਨੂੰ ਕੂਪਨ ਦਿੱਤਾ ਜਾਵੇਗਾ। ਇਹ ਕੂਪਨ ਆੜ੍ਹਤੀਆਂ ਨੂੰ ਜਾਰੀ ਕੀਤਾ ਜਾਵੇਗਾ ਅਤੇ ਕਿਸਾਨਾਂ ਦਾ ਕਰਫਿਊ ਪਾਸ ਹੋਵੇਗਾ।ਜਿਸ ਕਿਸਾਨ ਕੋਲ ਕੂਪਨ ਹੋਵੇਗਾ ਉਸ ਨੂੰ ਮੰਡੀ ਵਿਚ ਆਉਣ ਦੀ ਆਗਿਆ ਹੋਵੇਗੀ।ਆੜ੍ਹਤੀਆਂ ਵੱਲੋਂ ਕਿਸਾਨਾਂ ਨੂੰ ਸ਼ਡਿਊਲ ਮੁਤਾਬਿਕ ਹੀ ਬੁਲਾਇਆ ਜਾਵੇਗਾ। ਇਸ ਤੋਂ ਇਲਾਵਾ ਹੀ ਸਰਕਾਰ ਆੜਤੀਆਂ ਜ਼ਰੀਏ ਕਿਸਾਨਾਂ ਨੂੰ ਤਰਪਾਲ ਪਹੁੰਚਾਏਗੀ। ਮੰਡੀਆ ਵਿਚ ਸੈਨੇਟਾਇਜ਼ਰ ਅਤੇ ਪਾਣੀ ਦਾ ਪ੍ਰਬੰਧ ਹੋਵੇਗਾ। ਇਸ ਦੇ ਨਾਲ ਹੀ ਪੰਜਾਬ ਨੇ ਬੋਨਸ ਦਾ ਪ੍ਰਪੋਜ਼ਲ ਕੇਂਦਰ ਨੂੰ ਭੇਜਿਆ ਹੈ। ਕਿਸਾਨਾਂ ਨੂੰ ਕਣਕ ਦਾ 1925 ਰੁਪਏ ਪ੍ਰਤੀ ਕੁਆਇੰਟਲ ਭਾਅ ਮਿਲੇਗਾ।ਖੇਤਾਬਾੜੀ ਸਕੱਤਰ ਕਾਹਨ ਸਿੰਘ ਪਨੂੰ ਨੇ ਕਿਹਾ ਕਿ ਕਿਸਾਨਾਂ ਨੂੰ 48 ਘੰਟੇ 'ਚ ਫਸਲ ਦੀ ਅਦਾਇਗੀ ਵੀ ਮਿਲੇਗੀ
ਕਿਸਾਨਾਂ ਨੂੰ ਆਨਲਾਈਨ ਹੀ ਅਦਾਇਗੀ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਖੁਰਾਕ ਵਿਭਾਗ ਨੂੰ ਵੀ ਆੜ੍ਹਤੀਆਂ ਨੂੰ 48 ਘੰਟਿਆਂ ਦੇ ਅੰਦਰ ਖਰੀਦ ਦੀ ਅਦਾਇਗੀ ਕਰਨੀ ਅਤੇ ਅੱਗੇ ਕਿਸਾਨਾਂ ਨੂੰ ਦੋ ਦਿਨਾਂ ਦੇ ਅੰਦਰ ਕਰਨਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਸੂਬਾ ਸਰਕਾਰ ਪਹਿਲਾਂ ਹੀ 23,000 ਕਰੋੜ ਰੁਪਏ ਦੀ ਸੀਸੀਐਲ ਹਾਸਲ ਕਰ ਚੁੱਕੀ ਹੈ।ਇਸ ਦੌਰਾਨ ਮੁੱਖ ਮੰਤਰੀ ਨੇ ਖਰੀਦ ਦੇ ਕੰਮ ਦੌਰਾਨ ਕਿਸੇ ਵੀ ਥਾਂ ਭੀੜ ਇਕੱਠੀ ਹੋਣ ਨੂੰ ਰੋਕਣ ਵਾਸਤੇ ਆੜ੍ਹਤੀਆਂ ਨੂੰ ਹੁਕਮ ਦਿੱਤੇ ਹਨ ਕਿ ਉਹ ਪਾਣੀ ਤੇ ਖਾਣ ਵਾਲੇ ਰਾਸ਼ਨ ਦਾ ਵਿਅਕਤੀਗਤ ਪ੍ਰਬੰਧ ਕਰਨ ਅਤੇ ਕੋਈ ਵੀ ਵਾਟਰ ਕੂਲਰ ਲਗਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਸ ਮੁਹਿੰਮ ਵਿੱਚ ਸ਼ਾਮਲ ਕਿਸਾਨਾਂ ਅਤੇ ਹੋਰਾਂ ਦੀਆਂ ਮੁਸ਼ਕਿਲਾਂ ਨੂੰ ਘੱਟ ਕਰਨ ਲਈ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈ ਜਾਣ।ਮੁੱਖ ਮੰਤਰੀ ਨੂੰ ਵੀਡਿਓ ਕਾਨਫਰਸਿੰਗ ਦੌਰਾਨ ਦੱਸਿਆ ਗਿਆ ਕਿ ਖਰੀਦ ਦੇ ਕੰਮ ਲਈ 14.2 ਲੱਖ ਵਰਕਰ ਉਪਲੱਬਧ ਹਨ ਅਤੇ ਮਜ਼ਦੂਰਾਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮਗਨਰੇਗਾ ਵਰਕਰਾਂ ਦੇ ਵੇਰਵੇ ਵੀ ਆੜ੍ਹਤੀਆਂ ਨਾਲ ਸਾਂਝੇ ਕੀਤੇ ਜਾ ਰਹੇ ਹਨ।

ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਮੰਡੀ ਬੋਰਡ ਅਤੇ ਸੂਬੇ ਦੀਆਂ ਖਰੀਦ ਏਜੰਸੀਆਂ ਦੇ ਸੇਵਾ-ਮੁਕਤ ਮੁਲਾਜ਼ਮਾਂ ਨੂੰ ਵਾਪਸ ਬੁਲਾਇਆ ਜਾ ਰਿਹਾ ਹੈ ਅਤੇ ਸੂਬੇ ਦੀਆਂ ਚਾਰ ਖਰੀਦ ਏਜੰਸੀਆਂ (ਕੁੱਲ 1800 ਸਟਾਫ) ਦੇ ਸਮਰਪਿਤ ਸਟਾਫ ਨੂੰ ਖਰੀਦ ਪ੍ਰਕਿਰਿਆ ਦੀ ਨਿਗਰਾਨੀ ਲਈ ਰੱਖਿਆ ਗਿਆ ਹੈ। 2-3 ਖਰੀਦ ਕੇਂਦਰਾਂ ਦੀ ਨਿਗਰਾਨੀ ਲਈ ਇਕ ਇੰਸਪੈਕਟਰ ਹੋਵੇਗਾ।ਸਮਾਜਿਕ ਦੂਰੀ ਬਣਾਈ ਰੱਖਣ ਲਈ ਮੰਡੀਆਂ ਵਿੱਚ ਜ਼ਮੀਨੀ ਜਗ੍ਹਾ ਨੂੰ ਕਣਕ ਦੇ 50 ਕੁਇੰਟਲ ਦੇ ਢੇਰ ਲਈ 30*30 ਦੇ ਖੇਤਰ ਵਿੱਚ ਵੰਡਿਆ ਜਾ ਰਿਹਾ ਹੈ। ਹਰ ਰੋਜ਼ ਇਕ ਤਿਹਾਈ ਕਿਸਾਨਾਂ ਨੂੰ ਮੰਡੀਆਂ ਵਿੱਚ ਕਣਕ ਲਿਆਉਣ ਵਾਲੇ ਟਰੈਕਟਰ-ਟਰਾਲੀ ਦੇ ਨੰਬਰ ਅਤੇ ਹੋਲੋਗ੍ਰਾਮ ਨਾਲ ਕੂਪਨ ਜਾਰੀ ਕੀਤੇ ਜਾਣਗੇ।ਜਦੋਂ ਮੰਡੀਆਂ ਵਿੱਚ ਆਈ ਹੋਈ ਕਣਕ ਚੁੱਕੀ ਜਾਵੇਗੀ ਤਾਂ ਉਸ ਤੋਂ ਬਾਅਦ ਹੀ ਹੋਰ ਕੂਪਨ ਜਾਰੀ ਕੀਤੇ ਜਾਣਗੇ। ਇਹ ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਰਾਤ ਨੂੰ ਕੰਬਾਈਨਾਂ ਚਲਾਉਣ 'ਤੇ ਪਹਿਲਾਂ ਹੀ ਰੋਕ ਲਾਈ ਹੋਈ ਹੈ ਅਤੇ ਕੰਬਾਈਨਾਂ ਸਿਰਫ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਹੀ ਚਲਾਉਣ ਦੀ ਇਜਾਜ਼ਤ ਹੋਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਪੇਜ ਤੇ ਲਾਈਕ ਤੇ follow  ਕਰੋ


Comments

Popular posts from this blog

ਕੋਰੋਨਾ ਨਾਲ ਢਾਲ ਬਣ ਸਕਦਾ ਹੈ ਇਹ ਟੀਕਾ – WHO ਨੇ ਵੀ ਕੀਤਾ ਸਵੀਕਾਰ